ਸਿੱਖ ਸੈਂਟਰ ਆਫ਼ ਵਰਜੀਨੀਆ ਵੱਲੋਂ ਵੋਲੰਟੀਅਰਾਂ ਦੇ ਸਨਮਾਨ ਲਈ ਬਦੇਸ਼ਾ ਫਾਰਮ ਵਿਖੇ ਪਿਕਨਿਕ ਦਾ ਆਯੋਜਨ ਹੋਇਆ
- ਅੰਤਰਰਾਸ਼ਟਰੀ
- 02 Jun, 2026 04:41 PM (Asia/Kolkata)
ਵਰਜੀਨੀਆ, 2 ਜੂਨ ਗੌਰਵ ਮੜੀਆ
ਬੀਤੇਂ ਦਿਨ ਬਦੇਸ਼ਾ ਫਾਰਮ ਵਿਖੇ ਗੁਰਦੁਆਰਾ ਸਿੱਖ ਸੈਂਟਰ ਆਫ਼ ਵਰਜੀਨੀਆ ਦੇ ਵਲੰਟੀਅਰਾਂ ਦਾ ਧੰਨਵਾਦ ਕਰਨ ਲਈ ਇੱਕ ਸੁੰਦਰ ਪਿਕਨਿਕ ਦਾ ਆਯੋਜਨ ਕੀਤਾ ਗਿਆ। ਇਹ ਪਿਕਨਿਕ ਖ਼ਾਸ ਤੌਰ ’ਤੇ ਉਹਨਾਂ ਸੇਵਾਦਾਰਾਂ ਦੇ ਸਨਮਾਨ ਵਿੱਚ ਰੱਖੀ ਗਈ ਸੀ, ਜਿਨ੍ਹਾਂ ਪਰਿਵਾਰਾ ਨੇ ਪੰਜਾਬ ਦੇ ਸਾਰੇ ਤਿਉਹਾਰਾਂ ਅਤੇ ਗੁਰੂ ਘਰ ਦੇ ਧਾਰਮਿਕ ਸਮਾਗਮਾਂ ਦੌਰਾਨ ਬਹੁਤ ਮਿਹਨਤ ਅਤੇ ਲਗਨ ਦੇ ਨਾਲ ਸੇਵਾ ਨਿਭਾਈ ਸੀ।

ਇਸ ਮੌਕੇ ਸਿੱਖ ਸੈਂਟਰ ਆਫ਼ ਵਰਜੀਨੀਆ ਦੀ ਸੰਗਤ ਦੇ ਨਾਲ-ਨਾਲ ਉੱਤਰੀ ਵਰਜੀਨੀਆ ਦੇ ਹੋਰ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਵੀ ਖੁੱਲ੍ਹਾ ਸੱਦਾ ਦਿੱਤਾ ਗਿਆ। ਪਿਕਨਿਕ ਵਿੱਚ ਲਗਭਗ 250 ਤੋਂ ਵੱਧ ਬੱਚਿਆਂ, ਬਜ਼ੁਰਗਾਂ, ਨੌਜਵਾਨਾਂ ਅਤੇ ਪਰਿਵਾਰਾਂ ਨੇ ਹਿੱਸਾ ਲਿਆ।ਸੰਗਤ ਦੇ ਕਈ ਮੈਂਬਰਾਂ ਵੱਲੋਂ ਵੱਖ-ਵੱਖ ਕਿਸਮ ਦੇ ਸੁਆਦਲੇ ਸਨੈਕਸ ਤਿਆਰ ਕਰਕੇ ਲਿਆਂਦੇ ਗਏ। ਭਾਈ ਕੇਵਲ ਸਿੰਘ ਬਰਾੜ ਅਤੇ ਸ. ਜਰਨੈਲ ਸਿੰਘ ਵੱਲੋਂ ਪੂੜੀਆਂ-ਛੋਲੇ ਅਤੇ ਹੋਰ ਪੰਜਾਬੀ ਭੋਜਨ ਤਿਆਰ ਕੀਤਾ ਗਿਆ। ਇਸ ਦੇ ਨਾਲ ਹਲਵਾ ਵੀ ਤਿਆਰ ਕੀਤਾ ਗਿਆ।ਸ. ਰਣਜੀਤ ਸਿੰਘ, ਸ. ਸੁਰਿੰਦਰ ਸਿੰਘ ਸੰਧੂ ਅਤੇ ਹੋਰ ਸੇਵਾਦਾਰਾਂ ਵੱਲੋਂ ਕੋਲਿਆਂ ਦੀ ਭੱਠੀ ਉੱਤੇ ਸਬਜ਼ੀਆਂ , ਛੱਲੀਆਂ ਅਤੇ ਵੈਜੀ ਬਰਗਰ ਤਿਆਰ ਕਰਕੇ ਸੰਗਤਾਂ ਨੂੰ ਛਕਾਏ ਗਏ।ਚੰਗੇ ਮੌਸਮ ਦੇ ਕਾਰਨ ਸਾਰੀ ਸੰਗਤ ਨੇ ਲਗਾਤਾਰ ਚਾਰ ਘੰਟੇ ਪਿਕਨਿਕ ਦਾ ਪੂਰਾ ਆਨੰਦ ਮਾਣਿਆ। ਬੱਚਿਆਂ ਨੇ ਆਪਣੇ ਗਰੁੱਪਾਂ ਵਿੱਚ ਖੇਡਾਂ ਖੇਡੀਆਂ, ਬਜ਼ੁਰਗ ਆਪਸ ਵਿੱਚ ਗੱਲਾਂ-ਬਾਤਾਂ ਕਰਦੇ ਰਹੇ ਅਤੇ ਨੌਜਵਾਨਾਂ ਨੇ ਵੀ ਆਪਣੇ ਤਰੀਕੇ ਨਾਲ ਮਿਲਜੁਲ ਕੇ ਸਮਾਂ ਬਤੀਤ ਕੀਤਾ।ਪਿਕਨਿਕ ਦੇ ਅਖੀਰ ਵਿੱਚ ਡਾ. ਮੋਹਨ ਜੀ ਵੱਲੋਂ ਸਿੱਖ ਸੈਂਟਰ ਆਫ਼ ਵਰਜੀਨੀਆ ਦੀ ਆ ਰਹੀ ਨਵੀਂ ਬਿਲਡਿੰਗ ਬਾਰੇ ਰੂਪ-ਰੇਖਾ ਸੰਗਤ ਨਾਲ ਸਾਂਝੀ ਕੀਤੀ ਗਈ। ਸਾਰੀ ਸੰਗਤ ਇਸ ਜਾਣਕਾਰੀ ਨੂੰ ਸੁਣ ਕੇ ਬਹੁਤ ਖੁਸ਼ ਹੋਈ ਅਤੇ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਰਵਾਨਾ ਹੋਈ।

ਸੰਗਤ ਵੱਲੋਂ ਇਹ ਵੀ ਸੁਝਾਅ ਦਿੱਤਾ ਗਿਆ ਕਿ ਇਸ ਤਰ੍ਹਾਂ ਦੀ ਪਿਕਨਿਕ ਸਾਲ ਵਿੱਚ ਸਿਰਫ਼ ਇੱਕ ਵਾਰ ਨਹੀਂ, ਸਗੋਂ ਘੱਟੋ-ਘੱਟ ਦੋ ਵਾਰ ਜ਼ਰੂਰ ਕਰਨੀ ਚਾਹੀਦੀ ਹੈ।ਇਸ ਪਿਕਨਿਕ ਦੀ ਕਵਰੇਜ ਕਰਨ ਲਈ ਖ਼ਾਸ ਤੌਰ ’ਤੇ ਉੱਘੇ ਪੱਤਰਕਾਰ ਅਤੇ ਸਮਾਜ ਸੇਵੀ ਸ: ਕੁਲਵਿੰਦਰ ਸਿੰਘ ਫਲੋਰਾ ਅਤੇ ਸ. ਸੁਰਮੁੱਖ ਸਿੰਘ ਮਾਣਕੂ ਵੀ ਪਹੁੰਚੇ,ਹੋਏ ਸਨ।ਜਿਨ੍ਹਾਂ ਨੇ ਆਪਣੇ ਕੈਮਰਿਆਂ ਰਾਹੀਂ ਇਸ ਯਾਦਗਾਰ ਸਮਾਗਮ ਨੂੰ ਕੈਦ ਕੀਤਾ।ਕੁੱਲ ਮਿਲਾ ਕੇ ਅੱਜ ਦੀ ਪਿਕਨਿਕ ਪਿਆਰ, ਸੇਵਾ, ਮਿਲਾਪ ਅਤੇ ਭਾਈਚਾਰੇ ਦੀ ਬਹੁਤ ਸੋਹਣੀ ਮਿਸਾਲ ਬਣੀ। ਸੰਗਤ ਅਤੇ ਸੇਵਾਦਾਰਾਂ ਦੇ ਮਿਲਜੁਲ ਕੇ ਕੀਤੇ ਯਤਨਾਂ ਨੇ ਇਸ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ।ਸੰਗਤਾਂ ਲਈ ਖਾਣੇ ਦਾ ਵੀ ਬੇਹਤਰੀਨ ਪ੍ਰਬੰਧ ਕੀਤੇ ਗਏ ਸਨ।
Leave a Reply