ਦਮਦਮੀ ਟਕਸਾਲ ਸੰਗਰਾਵਾਂ ਵੱਲੋਂ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਅਤੇ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਾ ਸਨਮਾਨ
- ਰਾਸ਼ਟਰੀ
- 08 Jun, 2026 02:51 PM (Asia/Kolkata)
ਅੰਮ੍ਰਿਤਸਰ, 8 ਜੂਨ , ਨਜ਼ਰਾਨਾ ਟਾਈਮਜ ਬਿਊਰੋ - ਦਮਦਮੀ ਟਕਸਾਲ ਸੰਗਰਾਵਾਂ ਦੇ ਮੁਖੀ ਸਿੰਘ ਸਾਹਿਬ ਸੰਤ ਗਿਆਨੀ ਰਾਮ ਸਿੰਘ ਜੀ ਖ਼ਾਲਸਾ ਵੱਲੋਂ ਜੂਨ 1984 ਘੱਲੂਘਾਰੇ ਦੀ 42ਵੀਂ ਵਰ੍ਹੇਗੰਢ 'ਤੇ ਸੰਗਰਾਵਾਂ ਵਿਖੇ ਮਹਾਨ ਸ਼ਹੀਦੀ ਸਮਾਗਮ 'ਚ ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਦਾ ਪੰਥਕ ਸੇਵਾਵਾਂ ਅਤੇ ਖ਼ਾਲਿਸਤਾਨ ਦੀ ਜੰਗ-ਏ-ਆਜ਼ਾਦੀ ਦੇ ਸ਼ਹੀਦਾਂ ਦਾ ਇਤਿਹਾਸ ਲਿਖਣ ਪ੍ਰਤੀ ਵਿਸ਼ੇਸ਼ ਸਨਮਾਨ ਕੀਤਾ ਹੈ। ਇਸ ਮੌਕੇ ਸੰਤ ਗਿਆਨੀ ਰਾਮ ਸਿੰਘ ਜੀ ਖ਼ਾਲਸਾ ਅਤੇ ਸਿੰਘ ਗਰਜ ਦੇ ਸੰਪਾਦਕ ਭਾਈ ਰਾਜਨਦੀਪ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸਾਨੂੰ ਦਮਦਮੀ ਟਕਸਾਲ ਦੇ ਹੋਣਹਾਰ ਵਿਦਿਆਰਥੀ ਭਾਈ ਰਣਜੀਤ ਸਿੰਘ ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਉੱਤੇ ਬੇਹੱਦ ਮਾਣ ਹੈ, ਇਸ ਜੁਝਾਰੂ ਨੌਜਵਾਨ ਨੇ ਸ਼ਹੀਦਾਂ ਦੇ ਘਰਾਂ-ਪਰਿਵਾਰਾਂ ਵਿੱਚ ਜਾ ਕੇ ਅਜੋਕੇ ਸਿੱਖ ਸੰਘਰਸ਼ ਦਾ ਮਾਣਮੱਤਾ ਇਤਿਹਾਸ 'ਤਵਾਰੀਖ ਸ਼ਹੀਦ-ਏ-ਖਾਲਿਸਤਾਨ' ਕਿਤਾਬਾਂ ਰਾਹੀ ਕੌਮ ਦੀ ਝੋਲੀ ਵਿੱਚ ਪਾਇਆ ਹੈ ਜਿਸ ਤੋਂ ਆਉਣ ਵਾਲੀਆਂ ਪੀੜ੍ਹੀਆਂ ਸੇਧ ਲੈਣਗੀਆਂ। ਉਹਨਾਂ ਕਿਹਾ ਕਿ ਭਾਈ ਰਣਜੀਤ ਸਿੰਘ ਦੇ ਨਾਲ ਦਮਦਮੀ ਟਕਸਾਲ ਸੰਪਰਦਾ ਹਮੇਸ਼ਾਂ ਪਹਾੜ ਬਣ ਕੇ ਖੜ੍ਹੀ ਹੈ, ਇਸ ਯੋਧੇ ਦੇ ਅਸੀਂ ਧੰਨਵਾਦੀ ਹਾਂ ਜਿਸ ਨੇ ਦਮਦਮੀ ਟਕਸਾਲ ਦੀ ਸ਼ਾਨ ਨੂੰ ਹੋਰ ਵੀ ਉੱਚਾ ਚੁੱਕਿਆ ਹੈ ਤੇ ਪੰਥ ਵਿਰੋਧੀਆਂ, ਪੰਥ ਦੋਖੀਆਂ ਤੇ ਪੰਥ ਦੇ ਦੁਸ਼ਮਣਾਂ ਨਾਲ ਡੱਟ ਕੇ ਟੱਕਰ ਲਈ ਹੈ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਦਾ ਅਸਲ ਸਿਧਾਂਤ ਅਤੇ ਕਾਰਜ ਹੀ ਸਿੱਖੀ ਦਾ ਪ੍ਰਚਾਰ-ਪ੍ਰਸਾਰ, ਅੰਮ੍ਰਿਤ ਸੰਚਾਰ, ਗੁਰਬਾਣੀ ਸੰਥਿਆ, ਸਰਕਾਰਾਂ ਦੇ ਜਬਰ ਜੁਲਮ ਖਿਲਾਫ ਡਟਣਾ ਤੇ ਸਿੱਖ ਕੌਮ ਦੀ ਆਜ਼ਾਦੀ ਲਈ ਆਵਾਜ਼ ਬੁਲੰਦ ਕਰਨਾ ਹੈ ਜਿਸ ਨੂੰ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਬਾਖ਼ੂਬੀ ਨਿਭਾ ਰਹੇ ਹਨ। ਉਹਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ ਨੂੰ ਭਾਈ ਰਣਜੀਤ ਸਿੰਘ ਵਰਗੇ ਨੌਜਵਾਨ ਆਗੂ ਅਗਾਂਹ ਜਾਰੀ ਰੱਖਣ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਜਿਸ ਦੀ ਅਸੀਂ ਦਮਦਮੀ ਟਕਸਾਲ ਵੱਲੋਂ ਭਰਪੂਰ ਸ਼ਲਾਘਾ ਕਰਦੇ ਹਾਂ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸੰਤ ਬਾਬਾ ਜੋਗਾ ਸਿੰਘ ਜੀ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ, ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ, ਫੈਡਰੇਸ਼ਨ ਦੇ ਭਾਈ ਭੁਪਿੰਦਰ ਸਿੰਘ ਛੇ ਜੂਨ, ਭਾਈ ਅੰਗਦ ਸਿੰਘ ਕਸ਼ਮੀਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇਸਤਰੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਖਾਲਸਾ ਆਦਿ ਹਾਜ਼ਰ ਸਨ।
Leave a Reply