328 ਸਰੂਪਾਂ ਦਾ ਸੰਘਰਸ਼ ਦੋਸ਼ੀਆਂ ਖ਼ਿਲਾਫ਼ ਹੈ, ਸ਼੍ਰੋਮਣੀ ਕਮੇਟੀ ਸਾਜਿਸ਼ ਤਹਿਤ ਸਰਕਾਰ ਅਤੇ ਅਕਾਲ ਤਖ਼ਤ ਸਾਹਿਬ ਦੀ ਲੜਾਈ ਨਾ ਬਣਾਵੇ : ਭਾਈ ਬਲਦੇਵ ਸਿੰਘ ਵਡਾਲਾ

328 ਸਰੂਪਾਂ ਦਾ ਸੰਘਰਸ਼ ਦੋਸ਼ੀਆਂ ਖ਼ਿਲਾਫ਼ ਹੈ, ਸ਼੍ਰੋਮਣੀ ਕਮੇਟੀ ਸਾਜਿਸ਼ ਤਹਿਤ ਸਰਕਾਰ ਅਤੇ ਅਕਾਲ ਤਖ਼ਤ ਸਾਹਿਬ ਦੀ ਲੜਾਈ ਨਾ ਬਣਾਵੇ : ਭਾਈ ਬਲਦੇਵ ਸਿੰਘ ਵਡਾਲਾ

ਦੋਸ਼ੀਆਂ ਨੂੰ ਜਮਾਨਤ ਨਾ ਮਿਲੀ, 21 ਨੂੰ ਹੋਵੇਗੀ ਅਗਲੀ ਪੇਸ਼ੀ 
 

ਅੰਮ੍ਰਿਤਸਰ, 9 ਜਨਵਰੀ , ਜੁਗਰਾਜ ਸਿੰਘ ਸਰਹਾਲੀ 
 

ਸਿੱਖ ਸਦਭਾਵਨਾ ਦਲ ਦੇ ਆਗੂ ਅਤੇ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ, ਕਿਸਾਨ ਆਗੂ ਭਾਈ ਬਲਦੇਵ ਸਿੰਘ ਸਿਰਸਾ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਅੱਜ ਤਰੀਕ/ਪੇਸ਼ੀ ਦੌਰਾਨ ਦੋਸ਼ੀਆਂ ਦੀਆਂ ਜਮਾਨਤਾਂ ਅਦਾਲਤ ਨੇ ਰੱਦ ਕਰ ਦਿੱਤੀਆਂ ਹਨ ਤੇ ਕੇਸ ਦੀ ਅਗਲੀ 21 ਜਨਵਰੀ ਤਰੀਕ ਪਾ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਜੱਜ ਸਾਹਿਬ ਵੱਲੋਂ ਕਿਹਾ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰਤਾ ਅਤੇ ਖਾਲਸਾ ਪੰਥ ਦੀ ਆਸਥਾ ਨਾਲ ਜੁੜਿਆ ਇਹ ਬੜਾ ਗੰਭੀਰ ਮਸਲਾ ਹੈ ਇਸ ਲਈ ਇੱਥੇ ਰਿਮਾਂਡ ਦੀ ਜ਼ਰੂਰਤ ਹੈ, ਨਾ ਕਿ ਜਮਾਨਤਾਂ ਦੀ। ਭਾਈ ਵਡਾਲਾ ਨੇ ਕਿਹਾ ਕਿ ਸਾਨੂੰ ਪੂਰੀ ਆਸ ਹੈ ਕਿ ਇਸ ਮਾਮਲੇ ਵਿੱਚ ਛੇਤੀ ਹੀ ਇਨਸਾਫ ਹੋਵੇਗਾ ਤੇ ਲਾਪਤਾ ਸਰੂਪਾਂ ਦਾ ਸੱਚ ਸਾਹਮਣੇ ਆਵੇਗਾ। ਉਹਨਾਂ ਇਹ ਵੀ ਕਿਹਾ ਕਿ ਸਰਕਾਰ ਢਿੱਲੀ ਕਾਰਗੁਜ਼ਾਰੀ ਨਾ ਕਰੇ, ਬਾਕੀ ਦੋਸ਼ੀ ਵੀ ਫੜੇ ਜਾਣ, ਅਗਲਾ ਚਲਾਨ ਪੇਸ਼ ਕੀਤਾ ਜਾਏ ਅਤੇ ਲਮਕਾਉਣ ਦੀ ਬਜਾਏ ਸਮਾਂਬੱਧ ਕਰਕੇ ਕੇਸ ਦਾ ਛੇਤੀ ਨਿਪਟਾਰਾ ਕੀਤਾ ਜਾਏ। ਉਹਨਾਂ ਕਿਹਾ ਕਿ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਐਕਟ 'ਚ ਸੋਧ ਕਰਕੇ ਸਖ਼ਤ ਬਣਾਇਆ ਜਾਏ, ਗੁਰੂ ਸਾਹਿਬ ਦੇ ਪਾਵਨ ਸਰੂਪ ਬਰਾਮਦ ਹੋਣ ਤੇ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਭਵਿੱਖ ਵਿੱਚ ਕੋਈ ਵੀ ਅਜਿਹੀ ਹਿੰਮਤ ਨਾ ਕਰੇ। ਉਹਨਾਂ ਇਹ ਵੀ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਆਦੇਸ਼ ਜਾਰੀ ਕਰੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਟ ਨੂੰ ਸਹਿਯੋਗ ਕਰੇ, ਵਿਰੋਧ ਕਰਕੇ ਇਹ ਸਾਬਤ ਨਾ ਕਰੇ ਕਿ ਦੋਸ਼ੀ ਕੋਈ ਹੋਰ ਨਹੀਂ ਬਲਕਿ ਸ਼੍ਰੋਮਣੀ ਕਮੇਟੀ ਹੀ ਦੋਸ਼ੀ ਹੈ। ਇਹ ਲੜਾਈ ਦੋਸ਼ੀਆਂ ਖਿਲਾਫ ਹੈ ਇਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਬਨਾਮ ਸਰਕਾਰ ਦੀ ਲੜਾਈ ਨਾ ਬਣਾਇਆ ਜਾਵੇ। ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਅਤੇ ਸਮੁੱਚਾ ਬਾਦਲ ਦਲ ਇਸ ਉੱਤੇ ਗੰਧਲੀ ਸਿਆਸਤ ਨਾ ਕਰੇ। ਇਸ ਮੁਕੱਦਮੇ ਦੀ ਪੈਰਵਾਈ ਲਈ ਡਾ. ਪਰਮਜੀਤ ਸਿੰਘ, ਐਡਵੋਕੇਟ ਪ੍ਰਦੀਪ ਵਿਰਕ, ਕਮਲਦੀਪ ਕੌਰ ਐਡਵੋਕੇਟ, ਵਕੀਲ ਪ੍ਰਵੀਨ ਚੌਹਾਨ, ਸ਼ਿਵਪਰਤਾਪ ਸਿੰਘ ਖੱਟੜਾ ਐਡਵੋਕੇਟ, ਭਾਈ ਗੁਰਮੀਤ ਸਿੰਘ ਥੂਹੀ, ਭਾਈ ਸੁਖਬੀਰ ਸਿੰਘ ਥੂਹੀ, ਜਸਪਾਲ ਸਿੰਘ ਜਾਨੀ ਵੈਟਨਰ ਵੈਲਫੇਅਰ ਆਰਗੇਨਾਈਜ਼ੇਸ਼ਨ, ਭਾਈ ਗਗਨਪ੍ਰੀਤ ਸਿੰਘ, ਭਾਈ ਸਰਬਜੀਤ ਸਿੰਘ, ਭਾਈ ਨਿਸ਼ਾਨ ਸਿੰਘ ਮਹੱਦੀਪੁਰ ਆਦਿ ਹਾਜ਼ਰ ਸਨ।