ਅਖੇ ਬੰਗਾਲ ਜਿੱਤ ਲਿਆ ਹੁਣ ਪੰਜਾਬ ਦੀ ਵਾਰੀ...

ਅਖੇ ਬੰਗਾਲ ਜਿੱਤ ਲਿਆ ਹੁਣ ਪੰਜਾਬ ਦੀ ਵਾਰੀ...

ਅੱਜ ਜਦੋਂ ਬੰਗਾਲ ਤੇ ਅਸਾਮ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਭਾਜਪਾ ਜਿੱਤ ਗਈ ਹੈ ਤਾਂ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਵਧਾਈਆਂ ਦੇਣੀਆਂ ਤਾਂ ਬਣਦੀਆਂ ਹਨ ਜੋ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਅੱਤਵਾਦੀ ਕਹਿਣ ਵਾਲੀ ਭਾਜਪਾ ਦੇ ਕੱਟੜ ਸਮਰਥਕ ਹਨ। ਪੰਜਾਬ ਦੇ ਸਾਰੇ ਭਾਜਪਾਈ ਆਗੂ ਪੂਰੇ ਬਾਗ਼ੋ-ਬਾਗ ਹੋਏ ਪਏ ਹਨ ਕਿ ਹੁਣ ਪੰਜਾਬ ਵਿੱਚ ਵੀ ਅਗਲੀ ਸਰਕਾਰ ਭਾਜਪਾ ਦੀ ਹੀ ਬਣੇਗੀ। ਕੋਈ ਕਹਿ ਰਿਹਾ ਹੁਣ ਪੰਜਾਬ ਨੂੰ ਜਿੱਤਣ ਦੀ ਵਾਰੀ ਹੈ, ਕੋਈ ਕਹਿੰਦਾ ਮੋਦੀ ਜੀ ਪੰਜਾਬ 'ਚ ਵੀ ਜਿੱਤਣਗੇ, ਕੋਈ ਕਹਿੰਦਾ ਪੰਜਾਬ ਨੂੰ ਵੀ ਹੁਣ ਕੇਸਰੀ/ਭਗਵੇਂ 'ਚ ਰੰਗ ਦਿਆਂਗੇ। 
ਵੈਸੇ ਸਿੱਧੀ ਜਿਹੀ ਗੱਲ ਹੈ ਕਿ ਜਿਸ ਢੰਗ ਨਾਲ ਭਾਜਪਾ ਦੀ ਕੇਂਦਰ ਸਰਕਾਰ ਚੋਣਾਂ ਕਰਵਾ ਰਹੀ ਹੈ, ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਵਿੱਚ ਵੱਡੇ ਘੁਟਾਲੇ ਕੀਤੇ ਜਾਂਦੇ ਨੇ, ਸਿਰੇ ਦੀ ਗੁੰਡਾਗਰਦੀ, ਲਾਲਚਖੋਰੀ, ਸੈਂਟਰ ਦੀਆਂ ਫ਼ੋਰਸਾਂ ਦੀ ਦਹਿਸ਼ਤ, ਈਡੀ ਅਤੇ ਅਦਾਲਤਾਂ ਦੇ ਡਰਾਵੇ ਦਿੱਤੇ ਜਾਂਦੇ ਨੇ ਉਸ ਅਨੁਸਾਰ ਤਾਂ ਮੋਦੀ ਭਾਵੇਂ ਅਮਰੀਕਾ ਵਿੱਚ ਵੀ ਖੜ੍ਹ ਜਾਵੇ ਤਾਂ ਟਰੰਪ ਨੂੰ ਵੀ ਹਰਾ ਸਕਦਾ ਹੈ ਤੇ ਪਾਕਿਸਤਾਨ 'ਚ ਵੀ ਭਾਜਪਾ ਦੀ ਸਰਕਾਰ ਬਣਾ ਸਕਦਾ ਹੈ। 
ਇਸ ਸਮੇਂ ਪੰਜਾਬ ਵਿੱਚ ਬਥੇਰੇ ਸਿੱਖ ਚਿਹਰਿਆਂ ਵਾਲੇ ਭਾਜਪਾਈ ਆਗੂ ਨੇ ਜੋ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਲਈ ਉਤਾਵਲੇ ਹੋਏ ਫਿਰਦੇ ਨੇ। ਇਹਨਾਂ ਦੇ ਪਿੱਛੇ ਲਗ ਕੇ ਕੁਝ ਲੋਕ ਵੀ ਚਾਹੁੰਦੇ ਹੋਣਗੇ ਕਿ ਕਾਂਗਰਸ, ਬਾਦਲ ਦਲ ਤੇ ਝਾੜੂ ਪਾਰਟੀ ਦਾ ਰਾਜ ਤਾਂ ਵੇਖ ਲਿਆ, ਹੁਣ ਭਾਜਪਾ ਨੂੰ ਵੀ ਲੈ ਆਉਂਦੇ ਹਾਂ ਪਰ ਵੇਖਿਓ ਜੇ ਪੰਜਾਬ ਵਿੱਚ ਕਿਤੇ ਭਾਜਪਾ ਦੀ ਸਰਕਾਰ ਬਣ ਗਈ ਤਾਂ ਇਹੀ ਲੋਕ ਬਾਅਦ ਵਿੱਚ ਮੱਥੇ ਨੂੰ ਹੱਥ ਮਾਰ-ਮਾਰ ਕੇ ਰੋਇਆ ਕਰਨਗੇ ਜਿਵੇਂ ਬਾਕੀ ਸੂਬਿਆਂ 'ਚ ਜਿੱਥੇ ਭਾਜਪਾ ਹੈ ਓਥੋਂ ਦੇ ਲੋਕ ਬੇਹੱਦ ਦੁਖੀ ਨੇ ਪਰ ਕਿਸੇ ਦਾ ਸਰਕਾਰ ਅੱਗੇ ਕੋਈ ਜ਼ੋਰ ਨਹੀਂ ਚੱਲਦਾ, ਅਫ਼ਸਰਸ਼ਾਹੀ ਵੀ ਸਭ ਖ੍ਰੀਦੀ ਹੋਈ ਹੈ, ਫਿਰ ਓਹੀ ਕੁਝ ਪੰਜਾਬ ਨੂੰ ਵੀ ਹੰਢਾਉਣਾ ਪਵੇਗਾ। 
ਜਿਹੜੇ ਸਿੱਖ, ਗੁਰੂ ਸਾਹਿਬਾਨਾਂ ਦੀ ਵਿਚਾਰਧਾਰਾ ਨੂੰ ਸਮਰਪਿਤ ਹਨ ਜੋ ਪੰਜਾਬ ਦੀ ਧਰਤੀ ਉੱਤੇ ਅਜ਼ਾਦ ਸਿੱਖ ਰਾਜ ਚਾਹੁੰਦੇ ਹਨ ਉਹ ਤਾਂ ਕਦੇ ਵੀ ਨਹੀਂ ਚਾਹੁਣਗੇ ਕਿ ਸਾਡੇ ਗੁਰੂਆਂ, ਸੂਰਬੀਰਾਂ ਤੇ ਸ਼ਹੀਦਾਂ ਦੇ ਪੰਜਾਬ ਉੱਤੇ ਹਿੰਦੂਤਵੀ ਜਮਾਤ ਭਾਜਪਾ ਦਾ ਰਾਜ ਹੋਵੇ ਤੇ ਹਿੰਦੀ, ਹਿੰਦੂ, ਹਿੰਦੁਸਤਾਨ ਦਾ ਬੋਲਬਾਲਾ ਹੋਵੇ। ਪੰਥਪ੍ਰਸਤ ਅਤੇ ਖ਼ਾਲਿਸਤਾਨੀ ਸਿੰਘਾਂ ਨੇ ਕਾਂਗਰਸ ਅਤੇ ਬਾਦਲ ਦੀਆਂ ਸਰਕਾਰਾਂ ਦਾ ਵੀ ਬਥੇਰਾ ਬੁੱਚੜਪੁਣਾ ਵੇਖਿਆ ਹੈ, ਚੰਨੀ ਅਤੇ ਭਗਵੰਤ ਮਾਨ ਵੀ ਝੱਲੇ ਹਨ ਤੇ ਭਾਜਪਾ ਦਾ ਮੁਕਾਬਲਾ ਵੀ ਕਰ ਲੈਣਗੇ, ਪਰ ਆਮ ਲੋਕਾਂ ਦਾ ਸਭ ਤੋਂ ਵੱਧ ਜੀਣਾ ਹਰਾਮ ਹੋਵੇਗਾ। 
ਕਾਂਗਰਸ, ਬਾਦਲ ਦਲ ਤੇ ਆਮ ਆਦਮੀ ਪਾਰਟੀ ਨਾਲੋਂ ਸਭ ਤੋਂ ਵੱਧ ਖ਼ਤਰਨਾਕ ਭਾਜਪਾ ਹੀ ਹੈ। ਇਸ ਗੱਲ ਦਾ ਅਫ਼ਸੋਸ ਜ਼ਰੂਰ ਹੁੰਦਾ ਹੈ ਕਿ ਆਪਣੇ ਆਪ ਨੂੰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਵਾਰਸ ਅਤੇ ਦਮਦਮੀ ਟਕਸਾਲ ਦੇ ਮੁਖੀ ਅਖਵਾਉਣ ਵਾਲੇ ਬਾਬਾ ਹਰਨਾਮ ਸਿੰਘ ਧੁੰਮਾ ਖ਼ੁਦ ਭਾਜਪਾ ਦਾ ਝੰਡਾ ਚੁੱਕੀ ਫਿਰਦੇ ਹਨ। ਹਰੇਕ ਪੰਥ ਦਰਦੀ ਹੈਰਾਨ ਹੈ ਕਿ ਬਾਬਾ ਧੁੰਮਾ ਜੀ ਕਿਹੜੇ ਰਾਹ ਤੁਰ ਪਏ ਹਨ, ਉਹਨਾਂ ਨੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਦੀ 2019 ਵਿੱਚ ਤਾਂ ਹਮਾਇਤ ਕੀਤੀ ਨਹੀਂ ਸੀ, 2024 ਵਿੱਚ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਲਈ ਤਾਂ ਵੋਟਾਂ ਮੰਗੀਆਂ ਨਹੀਂ ਸਨ ਅਤੇ ਨਾ ਹੀ 2025 ਦੀ ਜ਼ਿਮਨੀ ਚੋਣ ਵਿੱਚ ਸੂਰੀ ਨੂੰ ਮਾਰਨ ਵਾਲੇ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਭਾਈ ਮਨਦੀਪ ਸਿੰਘ ਖ਼ਾਲਸਾ ਦੀ ਖ਼ੁਦ ਆਪ ਜਾ ਕੇ ਹਮਾਇਤ ਕੀਤੀ ਸੀ। ਪਰ ਭਾਜਪਾ ਲਈ ਬਾਬਾ ਜੀ ਹਮੇਸ਼ਾਂ ਤਤਪਰ ਰਹਿੰਦੇ ਹਨ। ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦਾ ਮਤਲਬ ਹੈ ਕਿ ਸਿੱਖਾਂ ਦੀ ਧੌਣ ਭਾਜਪਾ ਦੇ ਅੱਗੇ ਕਰ ਦੇਣੀ ਕਿ ਵੱਢ ਲਵੋ ਜਿੰਨੇ ਵੱਢ ਹੁੰਦੇ ਨੇ। 
ਜਿਵੇਂ ਬਾਦਲਾਂ ਨੇ ਪੰਜਾਬ ਵਿੱਚ ਭਾਜਪਾ ਦੇ ਪੈਰ ਲਵਾਏ ਹਨ ਇਸੇ ਤਰ੍ਹਾਂ ਬੰਗਾਲ ਵਿੱਚ ਵੀ ਭਾਜਪਾ ਦੀ ਐਂਟਰੀ ਪਹਿਲੀ ਵਾਰ ਮਮਤਾ ਬੈਨਰਜੀ ਨੇ ਹੀ ਕਰਵਾਈ ਸੀ, ਇਉਂ ਅੱਗ ਲੈਣ ਗਈ ਭਾਜਪਾ ਹਰੇਕ ਜਗ੍ਹਾ ਘਰ ਦੀ ਮਾਲਕਣ ਬਣ ਕੇ ਬਹਿ ਜਾਂਦੀ ਹੈ। ਭਾਜਪਾ ਨੇ ਮਹਾਂਰਾਸ਼ਟਰ ਵਿੱਚ ਸ਼ਿਵ ਸੈਨਾ ਨਾਲ ਅਤੇ ਕਸ਼ਮੀਰ ਵਿੱਚ ਮਹਿਬੂਬਾ ਮੁਫ਼ਤੀ ਨਾਲ ਜੋ ਕੀਤਾ ਉਹ ਸਭ ਦੇ ਸਾਹਮਣੇ ਹੈ। ਪੰਜਾਬ ਵਿੱਚ ਵੀ ਤਾਂ ਬਾਦਲਾਂ ਨਾਲ ਭਾਜਪਾ ਨੇ ਸਭ ਤੋਂ ਵੱਧ ਮਾੜੀ ਕੀਤੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਅਤੇ ਖ਼ਤਮ ਕਰਕੇ ਹੁਣ ਇਕੱਲੀ ਹੀ ਸਰਕਾਰ ਬਣਾਉਣ ਲਈ ਤਿਆਰੀਆਂ ਕੱਸੀ ਫਿਰਦੀ ਹੈ। 
ਹਰ ਸਿੱਖ ਅਤੇ ਪੰਜਾਬੀ ਨੂੰ ਜਾਗਰੂਕ ਹੋਣਾ ਪੈਣਾ ਹੈ। ਜੇ ਪੰਜਾਬ ਵਿੱਚ ਵੀ ਭਾਜਪਾ ਕਿਸੇ ਤਰ੍ਹਾਂ ਸਰਕਾਰ ਬਣਾ ਗਈ ਤਾਂ ਸਿੱਖਾਂ ਤੇ ਪੰਜਾਬੀਆਂ ਲਈ ਮੀਰ ਮੰਨੂ ਤੇ ਜ਼ਕਰੀਆ ਖ਼ਾਂ ਵਾਲਾ ਸਮਾਂ ਮੁੜ ਆ ਜਾਏਗਾ। ਸਿੱਖੀ ਦਾ ਨਿਆਰਾਪਨ ਅਤੇ ਪੰਜਾਬੀਅਤ ਨੂੰ ਵੱਡਾ ਖਤਰਾ ਪੈਦਾ ਹੋਵੇਗਾ। ਜਿਵੇਂ ਬ੍ਰਾਹਮਣਵਾਦ/ਹਿੰਦੂਤਵ ਨੇ ਬੁੱਧ ਧਰਮ ਅਤੇ ਜੈਨ ਧਰਮ ਨੂੰ ਖ਼ਤਮ ਕੀਤਾ ਓਵੇਂ ਹੀ ਸਿੱਖ ਧਰਮ ਨਾਲ ਹੋਵੇਗਾ। ਬਾਬਾ ਹਰਨਾਮ ਸਿੰਘ ਧੁੰਮਾ ਵਰਗੇ ਬਥੇਰੇ ਦੁਸ਼ਮਣ ਦੇ ਕੁਹਾੜੇ ਦਾ ਦਸਤਾ ਬਣ ਗਏ ਹਨ, ਵਾਹਿਗੁਰੂ ਭਲੀ ਕਰੇ। 
ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.