ਪੰਥਕ ਜਥੇਬੰਦੀਆਂ ਨੇ ਅਕਾਲ ਤਖ਼ਤ ਸਾਹਿਬ ਸਕੱਤਰੇਤ ਸੌਂਪਿਆ ਪੱਤਰ, 328 ਸਰੂਪਾਂ 'ਤੇ ਸਿਆਸਤ ਕਰਨ ਵਾਲੇ ਬਾਦਲਾਂ, ਕਾਂਗਰਸੀਆਂ ਤੇ ਆਪ ਵਾਲਿਆਂ 'ਤੇ ਹੋਵੇ ਕਾਰਵਾਈ
- ਧਾਰਮਿਕ/ਰਾਜਨੀਤੀ
- (Asia/Kolkata)
ਅੰਮ੍ਰਿਤਸਰ, 22 ਜਨਵਰੀ ,ਨਜ਼ਰਾਨਾ ਟਾਈਮਜ ਬਿਊਰੋ
ਅੱਜ ਵੱਖ-ਵੱਖ ਪੰਥਕ ਜਥੇਬੰਦੀਆਂ ਦੇ ਆਗੂਆਂ ਭਾਈ ਸੁਖਜੀਤ ਸਿੰਘ ਖੋਸੇ (ਪ੍ਰਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ), ਭਾਈ ਤਰਲੋਚਨ ਸਿੰਘ ਸੋਹਲ, ਭਾਈ ਬਲਦੇਵ ਸਿੰਘ ਸਿਰਸਾ (ਕਿਸਾਨ ਆਗੂ), ਭਾਈ ਪਰਮਿੰਦਰ ਸਿੰਘ,:ਭਾਈ ਮਨਜੀਤ ਸਿੰਘ (ਅਵਾਜੇ ਕੌਮ) ਤੇ ਹੋਰਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਨਾਮ ਇੱਕ ਪੱਤਰ ਸੌਂਪਿਆ ਗਿਆ ਜਿਸ ਵਿੱਚ ਲਿਖਿਆ ਹੈ ਕਿ ੩੨੮ ਪਾਵਨ ਸਰੂਪਾਂ ਬਾਬਤ ਸਹਿਯੋਗ ਕਰਨ ਅਤੇ ਕਿਸੇ ਕਿਸਮ ਦੀ ਰਾਜਨੀਤੀ ਨਾ ਕਰਨ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਆਦੇਸ਼ਾਂ ਦੀ ਪਾਲਣਾ ਨਾ ਕਰਕੇ ਸਿਆਸਤ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚੋਂ ਲਾਪਤਾ ਹੋਏ ੩੨੮ ਪਾਵਨ ਸਰੂਪਾਂ ਸਬੰਧੀ ਦੋਸ਼ੀਆਂ ਖਿਲਾਫ ਕਾਰਵਾਈ ਲਈ ਸਾਢੇ ਪੰਜ ਸਾਲ ਚੱਲੇ ਸੰਘਰਸ਼ ਤੋਂ ਬਾਅਦ ਮਿਤੀ ੭ ਦਸੰਬਰ ੨੦੨੫ ਨੂੰ ਥਾਣਾ ਸੀ ਡਵੀਜਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭਾਈ ਬਲਦੇਵ ਸਿੰਘ ਵਡਾਲਾ ਸਰਪ੍ਰਸਤ ਸੇਵਾਦਾਰ ਸਿੱਖ ਸਦਭਾਵਨਾ ਦਲ ਵੱਲੋਂ ਪਰਚਾ ਦਰਜ ਹੋਇਆ ਸੀ। ਜਿਸ ਦੀ ਮੁਕੰਮਲ ਜਾਂਚ ਲਈ ਪੁਲਿਸ ਵੱਲੋਂ ਸਿੱਟ ਸਥਾਪਿਤ ਕੀਤੀ ਗਈ। ਇਸ ਅਹਿਮ ਤੇ ਗੰਭੀਰ ਮਸਲੇ ਦੇ ਹੱਲ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋ.ਗੁ.ਪ੍ਰ ਕਮੇਟੀ ਨੂੰ ਸਹਿਯੋਗ ਦੇਣ ਦੇ ਆਦੇਸ਼ ਦਿੰਦਿਆਂ ਸਭ ਨੂੰ ਕਿਸੇ ਪ੍ਰਕਾਰ ਦੀ ਰਾਜਨੀਤੀ ਨਾ ਕਰਨ ਦੀ ਹਦਾਇਤ ਕੀਤੀ ਗਈ ਤੇ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ । ਪੜਤਾਲ ਦੌਰਾਨ ਸਿੱਟ ਨੂੰ ਇਹ ਜਾਣਕਾਰੀ ਮਿਲੀ ਕਿ ਬੰਗੇ ਨੇੜੇ ਨਾਭ- ਕੰਵਲ ਮਜਾਰਾ ਰਾਜਾ ਸਾਹਿਬ ਵਿਖੇ ੧੬੯ ਪਾਵਨ ਸਰੂਪ ਮਿਲੇ ਹਨ।ਜਿੰਨਾ ਦਾ ਜਿਕਰ ੧੪ ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਜੀ ਦੀ ਪਾਵਨ ਧਰਤੀ ਤੋਂ ਮੁੱਖ ਮੰਤਰੀ ਪੰਜਾਬ ਨੇ ਵੀ ਆਪਣੇ ਬਿਆਨ ਵਿੱਚ ਕੀਤਾ। ਤਿੰਨਾਂ ਪਾਵਨ ਸਰੂਪਾਂ ਵਿੱਚੋਂ (੧੦) ਪਾਵਨ ਸਰੂਪ ਬਿੱਲ ਨੰਬਰ ੨੭੦੬੪ ਮਿਤੀ ੮/੧/੨੦੧੬ ਗੁਰਦੁਆਰਾ ਪਾ: ਸਤਵੀਂ ਪਿੰਡ ਦੁਸਾਂਝ ਖੁਰਦ ਦੇ ਨਾਮ ਹਨ ਅਤੇ (੨੦)ਪਾਵਨ ਸਰੂਪ ਬਿੱਲ ਨੰਬਰ (੨੭੦੬੬) ਗੁਰਦੁਆਰਾ ਪਿੰਡ ਮਜਾਰਾ ਨੌਆਬਾਦ ਦੇ ਨਾਮ ਦਰਜ ਹਨ ਅਤੇ(੧੩੯) ਪਾਵਨ ਸਰੂਪਾਂ ਦਾ ਉਨਾਂ ਦੀ ਕਮੇਟੀ ਕੋਲ ਕੋਈ ਰਿਕਾਰਡ ਨਹੀ ਹੈ ਅਤੇ ਉਸ ਨਾਭ ਕੰਵਲ ਰਾਜਾ ਸਾਹਿਬ ਦੀ ਕਮੇਟੀ ਨੇ ਇਹ ਲਿਖਤੀ ਬਿਆਨ ਦਿੱਤਾ ਹੈ । ਉੱਨਾਂ ਇਹ ਵੀ ਲਿਖਿਆ ਗਿਆ ਕਿ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਇਸ ਦੀ ਰਿਕਾਰਡ ਦੀ ਦਰੁਸਤਗੀ ਕਰਕੇ ਉੱਨਾਂ ਦੀ ਕਮੇਟੀ ਨੂੰ ਪਾਵਨ ਸਰੂਪਾਂ ਦੀ ਸੇਵਾ- ਸੰਭਾਲ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰੇ। ਲੇਕਿਨ ਆਪ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਦਿਆਂ ਸੁਖਬੀਰ ਸਿੰਘ ਬਾਦਲ ਸ੍ਰੋਮਣੀ ਅਕਾਲੀ ਦਲ ਪ੍ਰਧਾਨ, ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ੍ਰੋਮਣੀ ਕਮੇਟੀ, ਦਲਜੀਤ ਸਿੰਘ ਚੀਮਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ ਦੀ ਪ੍ਰਵਾਹ ਨਾ ਕਰਦਿਆਂ,ਸਿੱਖੀ ਸਿਧਾਂਤਾਂ ਨੂੰ ਛਿੱਕੇ ਟੰਗ ਕੇ ਵੋਟ ਤੇ ਨੋਟ ਦੀ ਗੰਦੀ ਰਾਜਨੀਤੀ ਕਰਨ ਲਈ ਨਾਭ ਕੰਵਲ ਰਾਜਾ ਸਾਹਿਬ ਵਿਖੇ ਪਹੁੰਚ ਕੇ ਜਿੱਥੇ ਸਿਆਸੀ ਲ਼ਾਭ ਲੈਣ ਹਿੱਤ, ਰਾਜਨੀਤਕ ਰੋਟੀਆਂ ਸੇਕਣ ਲਈ ੩੨੮ ਪਾਵਨ ਸਰੂਪਾਂ ਦੀ ਸਿੱਟ ਵੱਲੋਂ ਚੱਲ ਰਹੀ ਪੜਤਾਲ ਚ ਅੜਿੱਕਾ ਬਣਨ,ਅਮਨ-ਸ਼ਾਤੀ ਭੰਗ ਕਰਨ ਭਾਈਚਾਰਕ-ਸਾਂਝ ਨੂੰ ਤੋੜਨ ਲਈ ਸਿੱਖ ਜਥੇਬੰਦੀਆਂ ਅਤੇ ਨਾਭ ਕੰਵਲ ਰਾਜਾ ਮਜਾਰਾ ਸਾਹਿਬ ਦੇ ਪੈਰੋਕਾਰਾਂ ਦੀ ਖਾਨਾਜੰਗੀ ਕਰਵਾਉਣ ਦੀ ਮਨਸ਼ਾ ਨਾਲ ਘਟੀਆ ਕਿਸਮ ਦੀ ਬਿਆਨਬਾਜ਼ੀ ਕੀਤੀ ਹੈ । ਉੱਨਾਂ ਨੇ ਸਿੱਖ ਰਹਿਤ ਮਰਿਆਦਾ,ਤਖ਼ਤ ਸਾਹਿਬ ਜੀ ਦੇ ਹੁਕਮਨਾਮਿਆਂ ਦੀ ਪ੍ਰਵਾਹ ਨਾ ਕਰਕੇ ਸਿੱਖ ਸਿਧਾਂਤਾਂ ਆਦਿ ਸਭ ਕਾਹੇ ਨੂੰ ਟਿੱਚ ਸਮਝਦਿਆਂ, ਅਨਮਤੀ ਕਰਮਕਾਂਡ ਨੂੰ ਗੁਰਮਤਿ ਵਿਰੋਧੀ ਵਿਚਾਰਧਾਰਾ ਨੂੰ ਗੁਰੂਘਰ ਚ ਹੋਣ ਦੀ ਮਾਨਤਾ ਦੇ ਦਿੱਤੀ ਹੈ, ਜੋਕਿ ਗੁਰਮਤਿ ਸਿਧਾਂਤ ਦੇ ਉਲਟ ਹੈ ਅਤੇ ਨਾਂ ਬਖਸ਼ਣਯੋਗ ਗੁਨਾਹ ਹੈ।ਜਿਸ ਦੀ ਪੁਸਟੀ ਲਈ ਸਿੱਖ ਰਹਿਤ ਮਰਿਆਦਾ ਦੀ ਫੋਟੋ ਕਾਪੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਮਿਤੀ ੦੭/੧੧/੨੦੦੧ ਨੂੰ ਲੜੀ ਨੰ ਅ੩/੦੧/੧੩੧੭ ਰਾਹੀਂ ਜਾਰੀ ਹੁਕਮਨਾਮੇ ਦੀ ਨਕਲ ਨਾਲ ਨੱਥੀ ਹੈ। ਇੱਥੇ ਬੱਸ ਨਹੀ ਜਦ ਅਕਾਲੀ ਕਹਾਉਣ ਵਾਲੇ ਬਾਦਲ ਦਲੀਏ ਸ੍ਰੋਮਣੀ ਕਮੇਟੀ ਪ੍ਰਧਾਨ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ਾਂ ਨੂੰ ਟਿਚ ਸਮਝਦੇ ਹੋਣ ਪਿਰ ਬਾਕੀ ਕਿਵੇਂ ਪਿੱਛੇ ਰਹਿ ਜਾਣ? ਸੁਖਵਿੰਦਰ ਸੁੱਖੀ ਆਮ ਆਦਮੀ ਪਾਰਟੀ,ਚਰਨਜੀਤ ਸਿੰਘ ਚੰਨੀ ਕਾਂਗਰਸ,ਰਾਣਾ ਗੁਰਜੀਤ ਕਾਂਗਰਸ,ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾਂ,ਹਰਜੋਤ ਸਿੰਘ ਬੈਂਸ,ਮਲਵਿੰਦਰ ਸਿੰਘ ਕੰਗ ਸਮੇਤ ਕਈ ਆਗੂਆਂ ਵਗਦੀ ਗੰਗਾ ਚ ਖੂਬ ਸਿਆਸੀ ਹੱਥ ਧੋਤੇ ਤੇ ਛਾਤੀ ਤੇ ਛਾਤੀ ਤੇ ਹੱਥ ਮਾਰ -ਮਾਰ ਗੁਰਮਤਿ ਦੇ ਉਲਟ ਹੱਲਾਸ਼ੇਰੀ ਦਿੰਦਿਆਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੰਗਾਰਿਆ ਤਖਤ ਸਾਹਿਬ ਕੌਣ ਹੈ ਜੋ ਡੇਰੇ ਮਜਾਰ ਜਾਂ ਕਿਸੇ ਯਾਦਗਾਰ ਨੂੰ ਗੁਰਦੁਆਰਾ ਕਹਿਣ ਤੋਂ ਰੋਕ ਸਕੇ?ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 328 ਪਾਵਨ ਸਰੂਪਾਂ ਦੇ ਅਹਿਮ ਮਸਲੇ ਤੇ ਰਾਜਨੀਤੀ ਨਾ ਕਰਨ ਦਿੱਤੇ ਆਦੇਸ਼ ਦੇ ਬਾਵਜੂਦ ਕੋਈ ਰੋਕ ਸਕੇ? ਇੰਨਾਂ ਨੂੰ ਤਲਬ ਕਰਕੇ ਪੁੱਛਿਆ ਜਾਏ ਇਹ ਕੌਣ ਹਨ ਗੁਰੂਘਰ ਹੋਣ ਦੇ ਪਛਾਣ ਪੱਤਰ ਸੌਂਪਣ ਵਾਲੇ? ਇਹ ਕੰਮ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸੀ ਕੀ ਹੈ ਕੀ ਹੋਣਾ। ਇਸ ਲਈ 328 ਪਾਵਨ ਸਰੂਪਾਂ ਦੇ ਅਹਿਮ ਮਸਲੇ ਤੇ ਸਹਿਯੋਗ ਨਾ ਕਰਕੇ, ਸ੍ਰੀ ਅਕਾਲ ਤਖਤ ਸਹਿਬ ਜੀ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਇੰਨਾਂ ਸਿਆਸੀ ਆਗੂਆਂ ਖਿਲਾਫ ਸਖਤ ਤੋਂ ਸਖ਼ਤ ਮਿਸਾਲੀ ਸਜ਼ਾਵਾਂ ਦਿਵਾਉਣ ਦੀ ਮੰਗ ਕਰਦੇ ਹਾਂ ।ਕਿਉਂਕਿ ਇੰਨਾਂ ਦੀ ਇਸ ਘਟੀਆ ਪੱਧਰ ਦੀ ਸਿਆਸਤ ਨੇ 328 ਪਾਵਨ ਸਰੂਪਾਂ ਦੀ ਪੜਤਾਲ ਚ ਵਿਘਨ ਪਾਇਆ ਹੈ। ਗੁਰਮਤਿ ਦੋ ਖਿਲਾਫ ਅਨਮਤਾਂ ਦੀ ਤਰਜਮਾਨੀ ਕੀਤੀ ਹੈ। ਪੰਜਾਬ ਦੇ ਮਾਹੌਲ ਨੂੰ ਖ਼ਰਾਬ ਕਰਨ, ਭਾਈਚਾਰਕ-ਸਾਂਝ ਨੂੰ ਤੋੜਨ ਅਤੇ ਅਮਨ-ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਲਈ ਇੰਨਾਂ ਸਿਆਸੀ ਆਗੂਆਂ ਨੂੰ ਤੁਰੰਤ ਤਲਬ ਕੀਤਾ ਜਾਏ ਅਤੇ ਸਿੱਖ ਜਥੇਬੰਦੀਆਂ ਵੱਲੋਂ ਦਿੱਤੇ ਗਏ ਪੱਤਰਾਂ ਦਾ ਕੀ ਬਣਿਆ? ਉਹ ਵੀ ਦੱਸਿਆ ਜਾਏ ਤੇ ਇਸ ਅਹਿਮ ਜਾਂਚ ਨੂੰ ਸਮੇਬਧ ਕੀਤਾ ਜਾਏ। 328 ਪਾਵਨ ਸਰੂਪਾਂ ਦੇ ਨਾਲ-ਨਾਲ ਜੋ ਬਾਕੀ ਦੇ ਪਾਵਨ ਸਰੂਪ ਵੱਖ-ਵੱਖ ਸਥਾਨਾਂ ਤੇ ਬਿਰਾਜਮਾਨ ਹਨ ਉਨਾਂ ਦਾ ਵੇਰਵਾ ਵੀ ਦਰਜ ਕੀਤਾ ਜਾਏ।ਜੋ ਪਾਵਨ ਸਰੂਪ ਨਾਭ ਕੰਵਲ ਰਾਜਾ ਸਾਹਿਬ ਦੇ ਸਥਾਨਾ ਤੇ ਬਿਰਾਜਮਾਨ ਹਨ ਉਨਾਂ ਪਾਵਨ ਸਰੂਪਾਂ ਦਾ ਵੇਰਵਾ ਜਨਤਕ ਕੀਤਾ ਜਾਏ ਤੇ ਦਰੁੱਸਤ ਕੀਤਾ ਜਾਏ ਤਾਂਕਿ ਭਵਿੱਖ ਲਈ ਕੋਈ ਸ਼ੱਕ ਜਾਂ ਬੇ- ਅਦਬੀ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਕਿਸੇ ਕਿਸਮ ਦੀ ਹਮਲੇ ਕਰਨ ਦੀ ਗੁੰਜਾਇਸ਼ ਨਾ ਰਹਿ ਜਾਏ। ਤੇ ਭਵਿੱਖ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਬਉੱਚਤਾ,ਸਿੰਘ ਸਾਹਿਬਾਨ ਜੀ ਦੇ ਸਤਿਕਾਰ,ਤਖਤ ਸਾਹਿਬ ਜੀ ਦੇ ਹੁਕਮਨਾਮਿਆਂ ਦੀ ਸਹੀ ਰੂਪ ਵਿੱਚ ਤਰਜ਼ਮਾਨੀ ਹੋ ਸਕੇ। ਵਿਸ਼ੇਸ਼- ਕਰਕੇ 328 ਪਾਵਨ ਸਰੂਪਾਂ ਦੇ ਅਹਿਮ ਮਸਲੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ ਦੀ ਪ੍ਰਵਾਹ ਨਾ ਕਰਕੇ ਰਾਜਨੀਤਿਕ ਰੋਟੀਆਂ ਸੇਕਣ ਵਾਲੇ ਸੁਖਬੀਰ ਬਾਦਲ ਅਤੇ ਇੰਨਾਂ ਦੇ ਸਿਪਾਹੀ ਹਰਜਿੰਦਰ ਸਿੰਘ ਧਾਮੀ,ਦਲਜੀਤ ਸਿੰਘ ਚੀਮਾ,ਤੋਂ ਤੁਰੰਤ ਅਸਤੀਫਾ ਲਿਆ ਜਾਵੇ ਅਤੇ ਇੰਨਾ ਤੇ ਧਾਰਮਿਕ ਗਤੀਵਿਧੀਆਂ ਚ ਹਿੱਸਾ ਲੈਣ ਤੇ ਪਾਬੰਦੀ ਲਾਈ ਜਾਵੇ, ਜਿੰਨਾ ਨਾਭ ਕੰਵਲ ਰਾਜਾ ਸਾਹਿਬ ਦੇ ਪੈਰੋਕਾਰਾਂ ਦੀਆਂ ਚੰਦ ਵੋਟਾਂ ਪਿੱਛੇ ਦਸ ਗੁਰੂਸਹਿਬਾਨ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਮਿਸਲਾਂ ਸ਼ੇਰ-ਏ-ਪੰਜਾਬ ਅਕਾਲੀ ਫੂਲਾ ਸਿੰਘ ਅਤੇ ਦੁਨੀਆ ਭਰ ਵਿੱਚ ਵੱਸਣ ਵਾਲੇ ਦੋ ਕਰੋੜ ਸਿੱਖਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਮਾਰੀ ਹੈ ਤੇ ਗੁਰੂ ਪੰਥ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਫਿਰ ਵੀ ਆਸ ਕਰਦੇ ਹਾਂ ਕਿ ਆਪ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਬਉੱਚਤਾ ਨੂੰ ਮੁੱਖ ਰੱਖਕੇ ਅਰੂੜ ਸਿੰਘ ਦੇ ਵਾਰਸਾਂ ਨੂੰ ਭਾਂਜ ਦੇਕੇ ਅਕਾਲੀ ਫੂਲਾ ਸਿੰਘ ਹੋਣ ਦਾ ਸਬੂਤ ਦੇਣਾ ਆਪਣਾ ਫਰਜ ਸਮਝੋਗੇ। ਇਸ ਮੌਕੇ ਭਾਈ ਸਤਪਾਲ ਸਿੰਘ ਲੋਗੌਦੇਵਾ, ਭਾਈ ਜਰਨੈਲ ਸਿੰਘ ਖੁੱਬਨ,ਭਾਈ ਸਰੂਪ ਸਿੰਘ ਭੁੱਚਰ,ਭਾਈ ਨਵਦੀਪ ਸਿੰਘ, ਭਾਈ ਅਮਰਜੀਤ ਸਿੰਘ, ਭਾਈ ਹੁਸਨਦੀਪ ਸਿੰਘ,ਭਾਈ ਚੰਚਲ ਸਿੰਘ, ਕੈਪਟਨ ਜੋਗਿੰਦਰ ਸਿੰਘ,ਕੈਪਟਨ ਨਿਰਮਲ ਸਿੰਘ,ਭਾਈ ਗੁਰਬਖਸ਼ ਸਿੰਘ, ਬੀਬੀ ਵਰਜਿੰਦਰ ਕੌਰ,ਭਾਈ ਮਨਪ੍ਰੀਤ ਸਿੰਘ,ਭਾਈ ਅਮਰੀਕ ਸਿੰਘ ਖੋਸਾ ਆਦਿ ਹਾਜ਼ਰ ਸਨ।
Leave a Reply