ਸਾਕਾ ਚਮਕੌਰ ਸਾਹਿਬ ਤੇ ਸਾਕਾ ਸਰਹਿੰਦ ਦੇ ਸ਼ਹੀਦਾਂ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ

ਸਾਕਾ ਚਮਕੌਰ ਸਾਹਿਬ ਤੇ ਸਾਕਾ ਸਰਹਿੰਦ ਦੇ ਸ਼ਹੀਦਾਂ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ

ਡਿਊਸਬਰਗ (ਜਰਮਨੀ), 29 ਦਸੰਬਰ: ਜਗਦੀਸ਼ ਸਿੰਘ ਆਂਖਨ


ਸਾਹਿਬੇ ਕਮਾਲ ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲੱਖਤੇ ਜਿਗਰ ਚਾਰ ਸਾਹਿਬਜ਼ਾਦਿਆਂ, ਜਗਤ ਮਾਤਾ ਗੁਜਰੀ ਜੀ, ਸਾਕਾ ਚਮਕੌਰ ਸਾਹਿਬ ਅਤੇ ਸਾਕਾ ਸਰਹਿੰਦ ਫਤਿਹਗੜ੍ਹ ਸਾਹਿਬ ਦੇ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਗੁਰਦੁਆਰਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ, ਡਿਊਸਬਰਗ (ਜਰਮਨੀ) ਵਿਖੇ 28 ਦਸੰਬਰ ਦਿਨ ਐਤਵਾਰ ਨੂੰ ਬਹੁਤ ਹੀ ਸ਼ਰਧਾ ਭਾਵਨਾ ਨਾਲ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਹਿਬਾਨ ਨੇ ਦੱਸਿਆ ਕਿ 26 ਦਸੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ, ਜਿਨ੍ਹਾਂ ਦੇ ਭੋਗ 28 ਦਸੰਬਰ ਦਿਨ ਐਤਵਾਰ ਨੂੰ ਸਵੇਰੇ ਪਾਏ ਗਏ। ਭੋਗਾਂ ਉਪਰੰਤ ਗੁਰਮਤਿ ਦੀਵਾਨ ਸਜਾਏ ਗਏ, ਜਿਨ੍ਹਾਂ ਵਿੱਚ ਭਾਈ ਪੂਰਨ ਸਿੰਘ ਜੀ, ਭਾਈ ਰਣਜੀਤ ਸਿੰਘ ਜੀ (ਗ੍ਰੰਥੀ ਸਿੰਘ, ਗੁਰਦੁਆਰਾ ਸਾਹਿਬ) ਅਤੇ ਬੱਚਿਆਂ ਵੱਲੋਂ ਕੀਤੇ ਗਏ ਸ਼ਬਦ ਕੀਰਤਨ ਰਾਹੀਂ ਸਾਧ ਸੰਗਤ ਨੂੰ ਨਿਹਾਲ ਕੀਤਾ ਗਿਆ।
ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਨਾਨਕਸ਼ਾਹੀ ਕੈਲੰਡਰ ਮੂਲ ਲਾਗੂ 2003 ਅਨੁਸਾਰ ਸੰਮਤ 558 ਮੁਤਾਬਕ ਸੰਨ 2026 ਈਸਵੀ ਦਾ ਕੈਲੰਡਰ, ਜੋ ਭਾਈ ਜਗਦੀਸ਼ ਸਿੰਘ ਆਖਨ (ਸਿੱਖ ਸੰਦੇਸ਼ਾ) ਵੱਲੋਂ ਸਮੂਹ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ, ਵਿਸ਼ੇਸ਼ ਤੌਰ ’ਤੇ ਸਾਧ ਸੰਗਤ ਨੂੰ ਭੇਟ ਕੀਤਾ ਗਿਆ।
ਪ੍ਰਬੰਧਕਾਂ ਨੇ ਸਮੂਹ ਸਾਧ ਸੰਗਤ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸਾਹਿਬੇ ਕਮਾਲ ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਨਾਨਕਸ਼ਾਹੀ ਕੈਲੰਡਰ ਮੂਲ ਅਨੁਸਾਰ 23 ਪੋਹ, ਸਦਾ ਲਈ ਨਿਯਤ ਤਾਰੀਖ ਮੁਤਾਬਕ 4  ਜਨਵਰੀ 2026 ਦਿਨ ਐਤਵਾਰ ਨੂੰ ਆਯੋਜਿਤ ਕੀਤਾ ਜਾਵੇਗਾ।
ਸਮੂਹ ਸਾਧ ਸੰਗਤ ਨੇ ਇਨ੍ਹਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਦੀਆਂ ਬਖ਼ਸ਼ਿਸ਼ਾਂ ਪ੍ਰਾਪਤ ਕੀਤੀਆਂ ਅਤੇ ਸਾਕਾ ਚਮਕੌਰ ਸਾਹਿਬ ਤੇ ਸਾਕਾ ਸਰਹਿੰਦ ਫਤਿਹਗੜ੍ਹ ਸਾਹਿਬ ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾ ਸਹਿਤ ਪ੍ਰਣਾਮ ਕੀਤਾ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.